ਲਾਂਘੇ ਦਾ ਉਦਘਾਟਨ 9 ਨਵੰਬਰ ਨੂੰ, ਮੋਦੀ ਲਈ ਲੱਗਣ ਲੱਗੀ ਵੱਖਰੀ ਸਟੇਜ

0
1830

ਲਾਂਘੇ ਦਾ ਉਦਘਾਟਨ 9 ਨਵੰਬਰ ਨੂੰ, ਮੋਦੀ ਲਈ ਲੱਗਣ ਲੱਗੀ ਵੱਖਰੀ ਸਟੇਜ!ਡੇਰਾ ਬਾਬਾ ਨਾਨਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਭਾਰਤ-ਪਾਕਿਸਤਾਨ ਵਿਚਾਲੇ ਹੋਏ ਸਮਝੌਤੇ ਅਨੁਸਾਰ ਸ੍ਰੀ ਕਰਤਾਰਪੁਰ ਸਾਹਿਬ ਲਈ ਬਣ ਰਹੇ ਲਾਂਘੇ ਦਾ ਡੇਰਾ ਬਾਬਾ ਨਾਨਕ ’ਚ ਉਦਘਾਟਨ 9 ਨਵੰਬਰ ਨੂੰ ਹੋਣਾ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਜਾਰੀ ਬਿਆਨ ਅਨੁਸਾਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਂਘੇ ਦਾ ਰਸਮੀ ਤੌਰ ’ਤੇ ਉਦਘਾਟਨ ਕਰਨਗੇ। ਦੂਜੇ ਪਾਸੇ ਭਾਜਪਾ ਦੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਰਮਿਆਨ ਚੱਲ ਰਹੇ ਕਰੈਡਿਟ ਵਾਰ ਦੇ ਅਸਰ ਕਾਰਣ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਕਸਬੇ ਤੋਂ ਲਗਭਗ 10 ਕਿਲੋਮੀਟਰ ਦੂਰ ਪੈਂਦੇ ਬੀ. ਐੱਸ. ਐੱਫ. ਦੇ ਸ਼ਿਕਾਰ ਮਾਛੀਆਂ ਹੈੱਡਕੁਆਰਟਰ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਵੱਖਰੀ ਸਟੇਜ ਲਾਈ ਜਾ ਰਹੀ ਹੈ। ਸਟੇਜ ਨੂੰ ਬਣਾਉਣ ਲਈ ਸਬੰਧਤ ਸਾਮਾਨ ਬੀ. ਐੱਸ. ਐੱਫ. ਹੈਡਕੁਆਰਟਰ ਪੁੱਜ ਚੁੱਕਾ ਹੈ।ਬੀ. ਐੱਸ. ਐੱਫ. ਦੇ ਅਧਿਕਾਰੀ ਅਧਿਕਾਰਤ ਤੌਰ ’ਤੇ ਇਸ ਸਬੰਧੀ ਕੁਝ ਵੀ ਕਹਿਣ ਤੋਂ ਝਿਜਕ ਰਹੇ ਹਨ ਪਰ ਸੂਤਰਾਂ ਅਨੁਸਾਰ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਆਪਣੀ ਭਾਈਵਾਲ ਪਾਰਟੀ ਅਕਾਲੀ ਦਲ ਬਾਦਲ ਦੀ ਗੱਲ ਨੂੰ ਪੁਗਾਉਂਦਿਆਂ ਹੋਇਆਂ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਕਰੈਡਿਟ ਆਪ ਲੈਣ ਲਈ ਵੱਖਰੀ ਸਟੇਜ ਲਾਈ ਜਾ ਰਹੀ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਦੇ ਮੁੱਖ ਦੁਆਰ ’ਤੇ ਬਹੁਤ ਵੱਡੀ ਸਟੇਜ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜੋ ਕਿ ਆਖਰੀ ਪੜਾਅ ਵਿਚ ਹੈ। ਇਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਬੀ. ਐੱਸ. ਐੱਫ. ਦੇ ਉਪਰੋਕਤ ਹੈੱਡਕੁਆਰਟਰ ਵਿਖੇ ਮਿਲੀਆਂ ਖਬਰਾਂ ਅਨੁਸਾਰ 10 ਹਜ਼ਾਰ ਵਿਅਕਤੀਆਂ ਦੇ ਬੈਠਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਜੋ ਕਿ ਇਕ ਤਰ੍ਹਾਂ ਨਾਲ ਕਰੈਡਿਟ ਲੈਣ ਦੀ ਹੋੜ ਅਤੇ ਅਕਾਲੀ ਦਲ (ਬਾਦਲ)-ਭਾਜਪਾ ਵੱਲੋਂ ਸ਼ਕਤੀ ਪ੍ਰਦਰਸ਼ਨ ਵੀ ਮੰਨਿਆ ਜਾ ਰਿਹਾ ਹੈ। ਬੀ. ਐੱਸ. ਐੱਫ. ਦੇ ਹੈੱਡਕੁਆਰਟਰ ਵਿਖੇ ਬੀ. ਐੱਸ. ਐੱਫ. ਦੇ ਕਿਸੇ ਵੀ ਅਧਿਕਾਰੀ ਦੀ ਇਸ ਸਬੰਧੀ ਡਿਊਟੀ ਨਹੀਂ ਲਾਈ ਗਈ ਅਤੇ ਉਨ੍ਹਾਂ ਵੱਲੋਂ ਸਿਰਫ ਪ੍ਰੋਗਰਾਮ ਲਈ ਜਗ੍ਹਾ ਮੁਹੱਈਆ ਕਰਵਾਈ ਗਈ ਹੈ।ਯਾਦ ਰਹੇ ਕਿ 26 ਨਵੰਬਰ 2018 ਨੂੰ ਵੀ ਡੇਰਾ ਬਾਬਾ ਨਾਨਕ ਵਿਖੇ ਸਟੇਜ ਤੋਂ ਲੈ ਕੇ ਕਾਂਗਰਸ ਅਤੇ ਅਕਾਲੀ ਦਲ ਬਾਦਲ ਵਿਚ ਰੇਡ਼ਕਾ ਪੈ ਗਿਆ ਸੀ। ਦੋਵਾਂ ਪਾਰਟੀਆਂ ਵੱਲੋਂ ਵੱਖਰੀਆਂ-ਵੱਖਰੀਆਂ ਸਟੇਜਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ, ਜਿਸ ਕਾਰਣ ਉਸ ਵੇਲੇ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਸੀ ਪਰ ਬਾਅਦ ਵਿਚ ਇਹ ਰੇਡ਼ਕਾ ਖਤਮ ਹੋ ਗਿਆ ਤੇ ਕੇਂਦਰ ਵੱਲੋਂ ਪੰਜਾਬ ਸਰਕਾਰ ਦੀ ਸਟੇਜ ’ਤੇ ਹੀ ਸਾਂਝਾ ਪ੍ਰੋਗਰਾਮ ਕਰ ਲਿਆ ਗਿਆ ਸੀ।ਸਰਕਾਰ ਦੀ ਸਟੇਜ ’ਤੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬੈਠਣ, ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ ਵਾਲੀ ਪਲੇਟ ’ਤੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਦਾ ਨਾਂ ਲਿਖਣ ਕਾਰਣ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਆਪਣੇ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ’ਤੇ ਕਾਲੀ ਟੇਪ ਲਾ ਦਿੱਤੀ ਗਈ ਸੀ। ਇਸ ਦੇ ਨਾਲ ਹੀ ਸਟੇਜ ’ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਭਾਸ਼ਣ ਦਾ ਵਿਰੋਧ ਕਰਨ ਦੇ ਕਾਰਣਾਂ ਕਰ ਕੇ ਭਾਰਤ ਸਰਕਾਰ ਅਧੀਨ ਆਉਂਦੀ ਲੈਂਡ ਪੋਰਟ ਅਥਾਰਟੀ ਨੇ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਸਟੇਜ ਤੋਂ ਪਾਸਾ ਵੱਟਦਿਆਂ ਬੀ. ਐੱਸ. ਐੱਫ. ਹੈੱਡਕੁਆਰਟਰ ’ਚ ਸਮਾਗਮ ਕਰਵਾਉਣ ਦੇ ਐਲਾਨ ਕਰ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਕ ਤਰ੍ਹਾਂ ਨਾਲ ਕੇਂਦਰ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਨਾਲ ਸਬੰਧਤ ਸਮਾਗਮਾਂ ਤੋਂ ਆਪਣੇ-ਆਪ ਨੂੰ ਵੱਖ ਕਰ ਲਿਆ ਗਿਆ ਹੈ ਅਤੇ ਇਸ ਨਾਲ ਕਾਂਗਰਸ ਅਤੇ ਅਕਾਲੀ-ਭਾਜਪਾ ਦੀ ਕਰੈਡਿਟ ਵਾਰ ਹੋਰ ਵੀ ਤੇਜ਼ ਹੋ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਪ੍ਰਧਾਨ ਮੰਤਰੀ ਦੀ ਆਮਦ ਤੋਂ ਪਹਿਲਾਂ ਉਨ੍ਹਾਂ ਦਾ ਸੁਰੱਖਿਆ ਅਮਲਾ ਪਹਿਲਾਂ ਹੀ ਪਹੁੰਚ ਜਾਂਦਾ ਹੈ ਅਤੇ ਉਨ੍ਹਾਂ ਲਈ ਐੱਲ. ਪੀ. ਆਈ. ਨੂੰ ਕੈਬਿਨ ਅਤੇ ਟਾਵਰ ਬਣਾ ਕੇ ਦੇਣੇ ਪੈਣੇ ਹਨ ਪਰ ਅਜੇ ਤੱਕ ਅਜਿਹਾ ਅਮਲਾ ਇਥੇ ਨਹੀਂ ਪਹੁੰਚਿਆ ਅਤੇ ਨਾ ਹੀ ਉਨ੍ਹਾਂ ਲਈ ਕਿਸੇ ਵੀ ਤਰ੍ਹਾਂ ਦੇ ਕੈਬਿਨ ਬਣ ਰਹੇ ਹਨ।

LEAVE A REPLY

Please enter your comment!
Please enter your name here